– ਡਾ਼ ਸੁਰਿੰਦਰ ਕੁਮਾਰ ਦਵੇਸ਼ਵਰ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਵਿਰਸੇ ਦਾ ਅਜਿਹਾ ਸਰਬਸਾਂਝਾ, ਪ੍ਰਮਾਣਿਕ ਅਤੇ ਪਾਵਨ ਗ੍ਰੰਥ ਹੈ ਜਿਸ ਵਿਚ 36 ਮਹਾਪੁਰਖਾਂ ਦੀ ਬਾਣੀ ਦਰਜ ਹੈ। ਸਰਬਸਾਂਝਾ ਇਸ ਲਈ ਕਿਉਂਕਿ ਇਸ ਪਾਵਨ ਗ੍ਰੰਥ ਵਿਚ ਪਹਿਲੇ ਪੰਜ ਗੁਰੂਆਂ ਅਤੇ ਨੌਵੇ ਗੁਰੂ ਜੀ ਦੀ ਬਾਣੀ ਦੇ ਨਾਲ ਨਾਲ ਪੰਦਰਾਂ ਭਗਤਾਂ (ਕਬੀਰ ਜੀ, ਫਰੀਦ ਜੀ, ਨਾਮਦੇਵ ji, ਰਵਿਦਾਸ ਜੀ, ਤ੍ਰਿਲੋਚਨ ji, ਬੈਣੀ ji, ਭੀਖਣ ji, ਸੂਰਦਾਸ ji, ਪਰਮਾਨੰਦ ਜੀ, ਸੈਣ ji, ਪੀਪਾ ਜੀ, ਸਧਨਾ ji, ਧੰਨਾ ji, ਰਾਮਾਨੰਦ ji, ਜੈਦੇਵ ji), ਗਿਆਰਾਂ ਭੱਟਾਂ (ਕੱਲਸਹਾਰ, ਜਾਲਪ, ਕੀਰਤ, ਭਿੱਖਾ, ਸਲ੍ਹ, ਭਲ੍ਹ, ਨਲ੍ਹ, ਬਲ੍ਹ, ਗਯੰਦ, ਮਥੁਰਾ, ਹਰਿਬੰਸ) ਅਤੇ ਗੁਰੂ ਘਰ ਦੇ ਸੰਬੰਧੀ ਬਾਬਾ ਸੁੰਦਰ ਜੀ, ਗੁਰੂ ਘਰ ਦੇ ਰਾਗੀਆਂ/ਰਬਾਬੀਆਂ (ਮਰਦਾਨਾ, ਸੱਤਾ, ਬਲਵੰਡ) ਦੀ ਬਾਣੀ ਸ਼ਾਮਲ ਹੈ।ਪ੍ਰਮਾਣਿਕ ਇਸ ਲਈ ਕਿ ਦੁਨੀਆਂ ਦੇ ਸਮੁੱਚੇ ਧਰਮਾਂ ਵਿਚ ਜੋ ਜੋ ਪਵਿਤਰ ਗ੍ਰੰਥ ਉਨ੍ਹਾਂ ਵੱਲੋਂ ਸਵੀਕਾਰੇ ਗਏ ਹਨ, ਉਹ ਸਭ ਉਨ੍ਹਾਂ ਧਰਮਾਂ ਦੇ ਸੰਸਥਾਪਕਾਂ ਦੇ ਮਰਨੋ ਉਪਰੰਤ ਰਚੇ ਗਏ ਹਨ ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਸੰਗ੍ਰਹਿ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭ ਹੋ ਗਿਆ ਸੀ।ਉਨ੍ਹਾਂ ਦੁਆਰਾ ਜੋ ਪੋਥੀ ਭਾਈ ਲਹਿਣਾ ਜੀ ਭਾਵ ਦੂਜੇ ਗੁਰੂ ਅੰਗਦ ਦੇਵ ਜੀ ਨੂੰ ਸਪੁਰਦ ਕੀਤੀ ਗਈ, ਉਸ ਵਿਚ 974 ਸ਼ਬਦ ਸ਼ਾਮਲ ਸਨ।ਗੁਰੂ ਅੰਗਦ ਦੇਵ ਜੀ ਨੇ ਇਸ ਵਿਚ ਆਪਣੇ 63 ਸ਼ਬਦ ਜੋੜਕੇ ਗਿਆਨ ਦੀ ਇਸ ਪੋਥੀ ਨੂੰ ਗੁਰੂ ਅਮਰਦਾਸ ਦੇ ਸਪੁਰਦ ਕੀਤਾ।ਗੁਰੂ ਅਰਜਨ ਦੇਵ ਜੀ ਨੇ ਆਪਣੀ ਅਤੇ ਦੂਜੇ ਭਗਤਾਂ, ਭੱਟਾਂ ਅਤੇ ਗੁਰੂ ਘਰ ਨਾਲ ਜੁੜੇ ਮਹਾਪੁਰਖਾਂ ਦੀ ਬਾਣੀ ਨੂੰ ਇੱਕਤਰ ਕੀਤਾ।ਬਾਣੀ ਦੀ ਚੋਣ ਲਈ ਗੁਰੂ ਅਰਜਨ ਦੇਵ ਜੀ ਨੇ ਸਿੱਖ ਸਿਧਾਂਤ ਦੀ ਉਸ ਬੁਨਿਆਦੀ ਕਸੌਟੀ ਨੂੰ ਆਧਾਰ ਬਣਾਇਆ ਜੋ ਗੁਰੂ ਨਾਨਕ ਦੇਵ ਜੀ ਦੇ ਵਿਚਾਰਧਾਰਕ, ਕਾਵਿਕ ਅਤੇ ਸੰਗੀਤਾਤਮਕ ਆਸਿ਼ਆਂ ਦੇ ਅਨੁਕੂਲ ਸੀ।ਸਮੁੱਚੀ ਬਾਣੀ ਦੇ ਇੱਕਤ੍ਰੀਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਇਸ ਗ੍ਰੰਥ ਦੀ ਸੰਪਾਦਨਾ ਦਾ ਕਾਰਜ ਆਰੰਭਿਆ।ਖਿੰਡੀ-ਪੁੰਡੀ ਗੁਰਬਾਣੀ ਤੇ ਸੰਤ-ਬਾਣੀ ਵਿਚੋਂ ਯੋਗ-ਅਯੋਗ ਦੀ ਪਰਖ ਕਰਕੇ ਇਕ ਪ੍ਰਮਾਣਿਕ ਤੇ ਪਾਵਨ ਗ੍ਰੰਥ ਦਾ ਸੰਗ੍ਰਹਿ ਕਰਨਾ ਗੁਰੂ ਸਾਹਿਬ ਲਈ ਇਕ ਬਹੁਤ ਹੀ ਕਠਿਨ ਕਾਰਜ ਸੀ।ਪਰੰਤੂ ਗੁਰੂ ਅਰਜਨ ਦੇਵ ਜੀ ਨੇ ਆਪਣੇ ਰੂਹਾਨੀ ਅਨੁਭਵ, ਅਦਭੁਤ ਬੌਧਿਕ ਅਨੁਸ਼ਾਸਨ, ਅਣਥੱਕ ਮਿਹਨਤ ਅਤੇ ਪਰਮ-ਸਾਧਨਾ ਰਾਹੀ ਮਨੁੱਖੀ ਭਾਈਚਾਰੇ ਦੀ ਰੂਹਾਨੀ ਤੇ ਨੈਤਿਕ ਅਗਵਾਈ ਲਈ ਇਸ ਸਰਬਸਾਂਝੇ ਪਾਵਨ ਗ੍ਰੰਥ ਦੀ ਸੰਪਾਦਨਾ ਕੀਤੀ।ਭਾਈ ਗੁਰਦਾਸ ਜੀ ਨੇ ਇਸ ਬਾਣੀ ਨੂੰ ਆਪਣੇ ਕਰ-ਕਮਲਾਂ ਦੁਆਰਾ ਲਿਖਤੀ ਰੂਪ ਦਿਤਾ।
ਇਸ ਪਾਵਨ ਗ੍ਰੰਥ ਦੇ ਸੰਪੂਰਨ ਹੋਣ ਉਪਰੰਤ ਗੁਰੂ ਅਰਜਨ ਦੇਵ ਜੀ ਨੇ 1604 ਈ ਵਿਚ ਇਕ ਮਰਯਾਦਾ ਪੂਰਬਕ ਢੰਗ ਨਾਲ ਇਸ ਪਾਵਨ ਗ੍ਰੰਥ ਨੂੰ ਰਾਮਸਰ ਤੋਂ ਹਰਿਮੰਦਰ ਸਾਹਿਬ ਲਿਆਂਦਾ। ਭਾਈ ਬੁੱਢਾ ਜੀ ਗੁਰੂ ਨਾਨਕ ਦੇਵ ਜੀ ਦੇ ਅਨਨ ਭਗਤ ਸਨ, ਉਨ੍ਹਾਂ ਨੇ ਪੂਰੀ ਸ਼ਰਧਾ ਨਾਲ ਇਸ ਗ੍ਰੰਥ ਨੂੰ ਆਪਣੇ ਸੀਸ ਉਤੇ ਰਖਿਆ ਅਤੇ ਗੁਰੂ ਅਰਜਨ ਦੇਵ ਜੀ ਨੇ ਪਿਛੇ ਪਿਛੇ ਇਸ ਦੀ ਚੌਰ ਕੀਤੀ। ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਮੰਜੀ ਸਾਹਿਬ ’ਤੇ ਇਸ ਪਵਿਤਰ ਸ੍ਰੀ ਆਦਿ ਗ੍ਰੰਥ ਸਾਹਿਬ ਨੂੰ ਸਸ਼ੋਵਿਤ ਕੀਤਾ ਗਿਆ।ਗੁਰੂ ਅਰਜਨ ਦੇਵ ਜੀ ਅਤੇ ਦੂਜੇ ਸਾਰੇ ਸਿੱਖ ਸ਼ਰਧਾਲੂ ਥੱਲੇ ਫ਼ਰਸ਼ ’ਤੇ ਬੈਠੇ। ਬਾਬਾ ਬੁੱਢਾ ਜੀ ਨੇ ਪਹਿਲੇ ਗ੍ਰੰਥੀ ਵਜੋਂ ਪਹਿਲਾ ਵਾਕ ਉਚਾਰਿਆ:
ਸੰਤਾ ਕੇ ਕਾਰਜਿ ਆਪਿ ਖਲੋਇਆ॥
ਹਰਿ ਕੰਮੁ ਕਰਾਵਿਣ ਆਇਆ ਰਾਮ॥
ਸ੍ਰੀ ਆਦਿ ਗ੍ਰੰਥ ਸਾਹਿਬ ਜੀ ਨੂੰ ਆਪਣੇ ਤੋਂ ਵੀ ਉੱਚਾ ਦਰਜਾ ਦੇਣ ਅਤੇ ਇਸ ਪੋਥੀ/ਗ੍ਰੰਥ ਨੂੰ ਪਰਮੇਸ਼ਰ ਦਾ ਘਰ ਮੰਨਣ ਦੇ ਆਦੇਸ਼ ਦੀ ਪ੍ਰਮਾਣਿਕਤਾ ਸ੍ਰੀ ਆਦਿ ਗ੍ਰੰਥ ਦੇ ਪੰਨਾ 1226 ਉਤੇ ਦਰਜ ਮਿਲ ਜਾਂਦੀ ਹੈ:
ਪੋਥੀ ਪਰਮੇਸਰ ਦਾ ਥਾਨੁ॥
ਸਾਧ ਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ॥
ਭਾਵ, ਇਹ ਪਾਵਨ ਗ੍ਰੰਥ ਉਸ ਪ੍ਰਮਾਤਮਾ ਦਾ ਘਰ ਹੈ ਜਿਹੜਾ ਵੀ ਵਿਅਕਤੀ ਉਸ ਪਾਰਬ੍ਰਹਮ ਦੀ ਪ੍ਰਸੰਸਾ ਸਾਧ ਸੰਗਤ ਨਾਲ ਮਿਲਕੇ ਕਰੇਗਾ ਭਾਵ ਕੀਰਤਨ ਰਾਹੀਂ ਗਾਵੇਗਾ, ਉਹ ਉਸ ਪੂਰਨ ਬ੍ਰਹਮ ਦਾ ਗਿਆਨ ਪ੍ਰਾਪਤ ਕਰੇਗਾ।
ਬਾਅਦ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਾਵਨ ਗ੍ਰੰਥ ਵਿਚ ਆਪਣੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 115 ਸ਼ਬਦ ਜੋੜਕੇ 1708 ਈ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦੇ ਸਦੀਵੀਂ ਗੁਰੂ ਦਾ ਦਰਜਾ ਦਿਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਲ 1430 ਪੰਨੇ ਅਤੇ ਕੁਲ 5894 ਸ਼ਬਦ ਹਨ।ਸਮੂਹ ਬਾਣੀ 31 ਰਾਗਾਂ ਵਿਚ ਦਰਜ ਕੀਤੀ ਗਈ ਹੈ।ਰਾਗਾਂ ਅਨੁਸਾਰ ਹੀ ਸਮੁੱਚੀ ਬਾਣੀ ਨੂੰ ਤਰਤੀਬ ਦਿਤੀ ਗਈ ਹੈ।ਇਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੁੱਚੀ ਭਾਰਤੀ ਸੰਸਕ੍ਰਿਤੀ ਦੀ ਉਸ ਭਾਵਨਾ ਨੂੰ ਪ੍ਰਦਰਸਿ਼ਤ ਕਰਦਾ ਹੈ ਜਿਹੜੀ ਘਟ ਘਟ ਅੰਦਰ ਉਸ ਪਾਰਬ੍ਰਹਮ ਦੇ ਹੋਣ ਦੀ ਤਸਦੀਕ ਕਰਦੀ ਹੈ ਅਤੇ ਹਰ ਤਰ੍ਹਾਂ ਦੇ ਜੁਲਮ, ਜਬਰ, ਸ਼ੋਸ਼ਣ ਅਤੇ ਵਿਤਕਰੇ ਦੇ ਵਿਰੁਧ ਜੂਝਣ ਅਤੇ ਮਨੁੱਖ ਦੀ ਮੁਕਤੀ ਦੇ ਪ੍ਰਵਚਨ ਦਾ ਸੰਚਾਰ ਕਰਦੀ ਹੈ।ਸਮੁੱਚੀ ਬਾਣੀ ਰਾਗ ਰਸ ਵਿਚ ਲਿਪਤ ਹੈ ਜਿਹੜੀ ਬਾਣੀ ਵਿਚਲੇ ਸਾਰ ਨਾਲ ਜੁੜਕੇ ਮਨੁੱਖ ਨੂੰ ਸਚਿਆਰਾ ਬਣਨ ਦੀ ਪ੍ਰੇਰਨਾ ਦਿੰਦੀ ਹੈ।ਇਹ ਸਚਿਆਰਾ ਮਨੁੱਖ ਵਾਸਤਵਿਕ ਸਥਿਤੀਆਂ ਦੇ ਪ੍ਰਸੰਗ ਅਤੇ ਲੋੜ ਅਨੁਸਾਰ ਸੰਤ ਵੀ ਹੈ ਸਿਪਾਹੀ ਵੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਲਿਖਤੀ ਗ੍ਰੰੰਥ ਹੀ ਨਹੀਂ ਸਗੋਂ ਇਕ ਜੀਵੰਤ ਗੁਰੂ (Living Guru) ਹੈ।ਸਾਮੀ ਧਰਮਾਂ ਦੇ ਲਿਖਤੀ ਗ੍ਰੰਥਾਂ ਦਾ ਦਰਜਾ ਉਨ੍ਹਾਂ ਦੇ ਪੈਗੰਬਰਾਂ ਤੋਂ ਨੀਵਾਂ ਹੈ ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਕ ਜੀਵੰਤ ਗੁਰੂ ਦਾ ਦਰਜਾ ਦੇ ਕੇ ਇਕ ਇਨਕਲਾਬੀ ਕਾਰਜ ਕੀਤਾ ਹੈ। ਇਹ ਪਾਵਨ ਗ੍ਰੰਥ ਸਿੱਖੀ ਅਤੇ ਸਿੱਖੀ ਧਰਮ ਦੀ ਸਭ ਤੋਂ ਵੱਡਾ ਰੂਹਾਨੀ ਸੱਤਾ (Spiritual Authority) ਹੈ। ਇਸ ਵਿਚਲਾ ਪ੍ਰਵਚਨ ਮਨੁੱਖ ਦੀਆਂ ਭੌਤਿਕ, ਅਧਿਭੌਤਿਕ ਅਤੇ ਪਰਾ-ਭੌਤਿਕ ਲੋੜਾਂ ਦੀ ਪੂਰਤੀ ਕਰਨ ਦਾ ਵਿਹਾਰਕ ਵਿਧਾਨ ਮੁੱਹਈਆਂ ਕਰਦਾ ਹੈ ਜਿਹੜਾ ਮਨੁੱਖ, ਸਮਾਜ ਅਤੇ ਪ੍ਰਕਿਰਤੀ ਵਿਚ ਆਪਸੀ ਸਾਂਝ ਤੇ ਸੰਤੁਲਨ ਪੈਦਾ ਕਰਕੇ ਇਨ੍ਹਾਂ ਨੂੰ ਇਕਸੁਰਤਾ ਵਿਚ ਬੰਨ੍ਹਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਪ੍ਰੇਮ ਦਾ ਸੰਦੇਸ਼ ਦਿੰਦੀ ਹੈ।ਇਹ ਸਮੁੱਚੀ ਮਨੁੱਖਤਾ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੋਈ ਸਰਬਸਾਂਝ ਅਤੇ ਸਰਬਤ ਦੇ ਭਲੇ ਦੀ ਕਾਮਨਾ ਕਰਦੀ ਹੈ।ਅੱਜ ਦਾ ਵਿਸ਼ਵ ਦੋ ਸਭਿਅਤਾਈ ਗੁੱਟਾਂ ਵਿਚ ਵੰਡਿਆ ਹੈ। ਇਕ ਪਾਸੇ ਪੂਰਾ ਈਸਾਈ ਸਮਾਜ ਹੈ ਦੂਜੇ ਪਾਸੇ ਪੂਰਾ ਇਸਲਾਮੀ ਤੇ ਸੀਨੋ ਸਮਾਜ। ਅਜਿਹੇ ਟਕਰਾ ਦੇ ਸਮਿਆ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਇਕ ਅਜਿਹਾ ਮਹਾਨ ਗ੍ਰੰਥ ਹੈ ਜਿਹੜਾ ਸੰਸਾਰ ਨੂੰ ਇਕ ਸਾਂਝੇ ਸਮਾਜ-ਸਭਿਆਚਾਰ ਦੀ ਪੁਨਰ ਸਿਰਜਣਾ ਦਾ ਸਾਰਥਕ ਤੇ ਵਿਹਾਰਕ ਮਾਡਲ ਦੇਣ ਦੇ ਸਮਰਥ ਹੈ।
ਹੋਰ ਪੜ੍ਹੋ : श्री गुरु नानक देव जी के त्रि-सूत्री सिद्धांत – 12 नवंबर 550वां प्रकाश वर्ष विशेष