– ਦੇਸ਼ ਰਾਜ ਸ਼ਰਮਾ
ਭਾਸ਼ਾ ਮਨੁੱਖ ਜਾਤੀ ਦੀ ਇਕ ਵਿਲੱਖਣ ਪ੍ਰਾਪਤੀ ਹੈ। ਭਾਸ਼ਾ ਇਕ ਅਤਿਅੰਤ ਜਟਿਲ,ਮਹਤਵਪੂਰਨ ਅਤੇ ਚਿੰਨ੍ਹਾਤਮਕ ਮਾਨਵੀ ਵਰਤਾਰਾ ਹੈ,ਜਿਸ ਦੁਆਰਾ ਵਿਚਾਰਾਂ ਅਤੇ ਭਾਵਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਭਾਸ਼ਾ ਜੀਭ ਤੋਂ ਪੈਦਾ ਹੋਈਆਂ ਸਾਰਥਕ ਧੁਨੀਆਂ ਜਾਂ ਬੋਲਾਂ ਦੇ ਸਮੂਹ ਨੂੰ ਕਹਿ ਸਕਦੇ ਹਾਂ। ਭਾਸ਼ਾ ਮਨੁੱਖ ਦੇ ਸਮਾਜਕ ਅਤੇ ਸਭਿਆਚਾਰਕ ਜੀਵਨ ਦੀ ਪਹਿਰੇਦਾਰ ਹੁੰਦੀ ਹੈ। ਸਮਾਜਿਕ ਵਿਕਾਸ ਅਤੇ ਪਰਿਵਰਤਨ ਦੀ ਸੂਚਨਾ ਭਾਸ਼ਾ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਭਾਸ਼ਾ ਮਨੁੱਖ ਦੇ ਸੰਚਾਰ,ਪ੍ਰਸਾਰ ਅਤੇ ਵਿਕਾਸ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਵੀ ਹੈ। ਮਨੁੱਖੀ ਗਿਆਨ ਵਿਗਿਆਨ ਅਤੇ ਅਨੁਭਵ ਦੀ ਸੰਭਾਲ ਉਸ ਦਾ ਆਦਾਨ-ਪ੍ਰਦਾਨ ਭਾਸ਼ਾ ਰਾਹੀਂ ਹੀ ਸੰਭਵ ਹੁੰਦਾ ਹੈ। ਚਿੰਨਤ ,ਮਨਨ, ਸੋਚ ,ਵਿਚਾਰ ਭਾਸ਼ਾ ਦੇ ਮਾਧਿਅਮ ਰਾਹੀਂ ਹੁੰਦਾ ਹੈ ।ਭਾਸ਼ਾ ਮਨੁਖੀ ਚੇਤਨਾ ਦਾ ਮੂਰਤ ਰੂਪ ਹੈ ਜਿਸ ਦੇ ਕਰਕੇ ਉਸਦੀ ਸੰਸਕ੍ਰਿਤੀ ਦੀ ਆਤਮਾ ਭੌਤਿਕ ਸੰਸਾਰ ਵਿਚ ਪ੍ਰਗਟ ਹੁੰਦੀ ਹੈ ।
ਮਾਤ ਭਾਸ਼ਾ ਤੋਂ ਭਾਵ ਹੈ ਜਿਹੜੀ ਭਾਸ਼ਾ ਕੋਈ ਵੀ ਬੱਚਾ ਜਨਮ ਤੋ ਬਾਅਦ ਆਪਣੀ ਮਾਂ ਦੇ ਦੁੱਧ ਤੋਂ ਗ੍ਰਹਿਣ ਕਰਦਾ ਹੈ,ਅਤੇ ਹੌਲੀ-ਹੌਲੀ ਮਾਂ ਦੇ ਮੁੱਖ ਚੋਂ ਨਿਕਲੇ ਸ਼ਬਦਾਂ ਨੂੰ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦਾ ਹੈ। ਮਾਤ ਭਾਸ਼ਾ ਨੂੰ ਇਕ ਬੱਚਾ ਆਪਣੀ ਮਾਂ,ਪਰਿਵਾਰ ਅਤੇ ਚੌਗਿਰਦੇ ਤੋਂ ਆਸਾਨੀ ਨਾਲ ਸਹਿਜੇ ਸਹਿਜੇ ਹੀ ਸਿਖਦਾ ਜਾਂਦਾ ਹੈ। ਇਹ ਇਕੋ ਇਕ ਅਜਿਹਾ ਮਾਧਿਅਮ ਹੈ ਜੋ ਮਨੁੱਖ ਵਿੱਚ ਮਨੁੱਖਤਾ ਲਿਆਉਂਦੀ ਹੈ। ਮਾਤ ਭਾਸ਼ਾ ਵਿੱਚ ਕੋਈ ਵੀ ਮਨੁੱਖ ਕੁਝ ਵੀ ਬਹੁਤ ਅਸਾਨੀ ਨਾਲ ਅਤੇ ਛੇਤੀ ਸਿੱਖ ਲੈਂਦਾ ਹੈ ਕਿਉਂਕਿ ਮਾਤ ਭਾਸ਼ਾ ਦਾ ਵਾਤਾਵਰਨ ਵਿਚ ਵਿਆਪਕ ਪਸਾਰਾ ਹੁੰਦਾ ਹੈ। ਇਸ ਕਥਨ ਨੂੰ ਭਾਸ਼ਾ ਦੇ ਬਹੁਤ ਸਾਰੇ ਬੁੱਧੀਜੀਵੀਆਂ,ਵਿਗਿਆਨੀਆਂ,ਮਾਹਿਰਾਂ ਨੇ ਮੰਨਿਆ ਹੈ ਅਤੇ ਇਸ ਨੂੰ ਮਨੁੱਖੀ ਸੱਭਿਆਚਾਰ ਵਿੱਚ ਸਿੱਧ ਵੀ ਕਰਕੇ ਦੱਸਿਆ ਹੈ। ਇੱਕ ਮਾਤ-ਭਾਸ਼ਾ ਹੀ ਮਨੁੱਖ ਵਿਚ ਅਜਿਹੇ ਗੁਣ ਪੈਦਾ ਕਰ ਸਕਦੀ ਹੈ ਜਿਸ ਨਾਲ ਉਹ ਸਮਾਜ ਵਿੱਚ ਸਤਿਕਾਰਿਆ ਜਾਂਦਾ ਹੈ। ਪ੍ਰੰਤੂ ਅੱਜ ਦੇ ਮੌਜੂਦਾ ਸਮੇਂ ਵਿੱਚ ਮਾਤ ਭਾਸ਼ਾ ਨੂੰ ਬਣਦਾ ਮਾਣ ਅਤੇ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ ਜੋ ਕਿ ਇੱਕ ‘ਕੌੜਾ ਸੱਚ’ਹੈ।
ਬਹੁਤ ਸਾਰੀਆਂ ਸਰਕਾਰਾਂ ਦੁਆਰਾ ਆਪਣੇ ਕਾਰਜਕਾਲ ਦੌਰਾਨ ਰਾਸ਼ਟਰੀ ਸਿੱਖਿਆ ਨੀਤੀਆਂ ਵਿਚ ਸਮੇਂ ਸਮੇਂ ਬਦਲਾਅ ਕੀਤੇ ਗਏ ਪਰ ਮਾਤ ਭਾਸ਼ਾ ਨੂੰ ਹਮੇਸ਼ਾ ਹੀ ਅੱਖੋਂ ਓਹਲੇ ਕਰ ਦਿੱਤਾ ਜਾਂਦਾ ਸੀ। ਰਾਸ਼ਟਰੀ ਸਿੱਖਿਆ ਨੀਤੀ 2020 ਦੀ ਸਭ ਤੋਂ ਵੱਡੀ ਖ਼ਾਸੀਅਤ ਹੀ ਇਸ ਗੱਲ ਵਿਚ ਲੁਕੀ ਹੋਈ ਹੈ ਕਿ ਬੱਚੇ ਨੂੰ ਮੁੱਢਲੀ ਸਿੱਖਿਆ ਉਸਦੀ ਮਾਤ-ਭਾਸ਼ਾ ਵਿੱਚ ਹੀ ਦਿੱਤੀ ਜਾਵੇ। ਰਾਸ਼ਟਰੀ ਸਿੱਖਿਆ ਨੀਤੀ 2020 ਦੇ ਮਹਾਨ ਵਿਚਾਰਕਾਂ,ਬੁੱਧੀਜੀਵੀਆਂ, ਸਿੱਖਿਆ ਸ਼ਾਸਤਰੀਆਂ ਨੇ ਮਾਤ ਭਾਸ਼ਾ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਮਾਤ ਭਾਸ਼ਾ ਨੂੰ ਮਾਣ ਸਤਿਕਾਰ ਦਿੱਤਾ ਹੈ ਉਥੇ ਨਾਲ ਹੀ ਇਸ ਗੱਲ ਤੋਂ ਵੀ ਜਾਣੂ ਕਰਵਾਇਆ ਗਿਆ ਹੈ ਕਿ ਇਕ ਬੱਚਾ ਮਾਤ ਭਾਸ਼ਾ ਵਿੱਚ ਆਸਾਨੀ ਨਾਲ ਅਤੇ ਛੇਤੀ ਸਿਖਦਾ ਹੈ।
ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਦੀ ਤਰ੍ਹਾਂ ਪੰਜਾਬੀ ਭਾਸ਼ਾ ਦੀਆਂ ਜੜ੍ਹਾਂ ਵੀ ਭਾਰਤ ਵਿੱਚ ਰਚੇ ਗਏ ਵੇਦਾਂ ਨਾਲ ਜੁੜੀਆਂ ਹੋਈਆਂ ਹਨ। ਪੰਜਾਬੀ ਭਾਸ਼ਾ ਦਾ ਨਿਕਾਸ ‘ਵੈਦਿਕ’ਭਾਸ਼ਾ ਵਿੱਚੋਂ ਹੋਇਆ। ਅਸੀਂ ਉਨ੍ਹਾਂ ਆਰੀਆਂ ਲੋਕਾਂ ਦੀ ਸੰਤਾਨ ਹਾਂ ਜਿਹਨਾਂ ਨੇ ਕਿਸੇ ਸਮੇਂ ਦਰਿਆਵਾਂ ਦੇ ਕੰਢੇ ਰਹਿੰਦੇ ਹੋਇਆਂ ਵੇਦਾਂ ਦੀ ਰਚਨਾ ਕੀਤੀ ਸੀ। ਇਸ ਲਈ ਅਸੀਂ ਵੈਦਿਕ ਭਾਸ਼ਾ ਨੂੰ ਪੰਜਾਬੀ ਭਾਸ਼ਾ ਦੀ “ਜਨਣੀ” ਕਹਿ ਸਕਦੇ ਹਾਂ। ਵੈਦਿਕ ਭਾਸ਼ਾ ਵਿਚੋਂ ਨਿਕਲੀਆਂ ਪ੍ਰਕਿਰਤ, ਅਭ੍ਰੰਸ਼, ਸੰਸਕ੍ਰਿਤ, ਮਗਧੀ, ਪਾਲੀ,ਸੌਰਸੈਨੀ,ਪਿਸਾਚੀ ਆਦਿ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦਾ ਨਿਕਾਸ ਹੋਇਆ ਹੈ ।ਪੰਜਾਬੀ ਭਾਸ਼ਾ ਪ੍ਰਾਚੀਨ ਸਮੇਂ ਤੋਂ ਹੀ ਤੁਰੀ ਆ ਰਹੀ ਹੈ, ਕੇਵਲ ਇਸੇ ਨਾਮ ਹੀ ਬਦਲਦੇ ਰਹੇ ਹਨ। ਬਹੁਤੀ ਵਾਰ ਪੰਜਾਬੀ ਭਾਸ਼ਾ ਨੂੰ ਵੱਖ-ਵੱਖ ਪ੍ਰਦੇਸ਼ਾਂ ਵਿੱਚ ਵੱਖ ਵੱਖ ਨਾਮ ਦੇਣ ਦਾ ਯਤਨ ਕੀਤਾ ਗਿਆ ਹੈ। ਅੱਠਵੀਂ ਨੌਵੀਂ ਸਦੀ ਵਿੱਚ ਪੰਜਾਬੀ ਆਪਣਾ ਵਰਤਮਾਨ ਰੂਪ ਧਾਰਨ ਕਰ ਚੁੱਕੀ ਸੀ।
ਪੰਜਾਬੀ ਭਾਸ਼ਾ ਜਿਸਦਾ ਵਿਕਾਸ ਇੱਕ ਲੰਮੀ ਪ੍ਰਕਿਰਿਆ ਵਿਚੋਂ ਹੋਇਆ ਹੈ। ਨੌਵੀਂ-ਦਸਵੀਂ ਸਦੀ ਵਿੱਚ ਨਾਥ ਜੋਗੀਆਂ ਅਤੇ ਇਹਨਾਂ ਤੋਂ ਬਾਅਦ ਬਾਬਾ ਫ਼ਰੀਦ ਜੀ ਦੀਆਂ ਰਚਨਾਵਾਂ ਵਿੱਚ ਪੰਜਾਬੀ ਬੋਲੀ ਦਾ ਸਪੱਸ਼ਟ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਬਾਬਾ ਫ਼ਰੀਦ ਜੀ ਤੋਂ ਬਾਅਦ ਸੰਤ ਰਵਿਦਾਸ ਜੀ,ਸੰਤ ਕਬੀਰ ਜੀ ਅਤੇ ਹੋਰ ਸਮਕਾਲੀ ਸੰਤਾਂ ਦੀਆਂ ਰਚਨਾਵਾਂ ਉੱਪਰ ਵੀ ਪੰਜਾਬੀ ਭਾਸ਼ਾ ਦੀ ਛਾਪ ਦੇਖੀ ਜਾ ਸਕਦੀ ਹੈ। ਇਸ ਤੋਂ ਅੱਗੇ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂ- ਸਾਹਿਬਾਨਾਂ ਨੇ ਵੀ ਸਾਰੀ ਗੁਰਬਾਣੀ ਨੂੰ ਇਸ ਭਾਸ਼ਾ ਵਿਚ ਰਚਿਆ। ਗੁਰੂ ਅਰਜਨ ਦੇਵ ਜੀ ਨੇ ਸਾਰੀ ਗੁਰਬਾਣੀ ਇਕੱਠੀ ਕਰਕੇ “ਆਦਿ ਗ੍ਰੰਥ” ਦੀ ਸੰਪਾਦਨਾ ਕੀਤੀ । ਸਾਰੀ ਗੁਰਬਾਣੀ ਨੂੰ ‘ਗੁਰਮੁਖੀ’ਵਿੱਚ ਲਿਖ ਕੇ ਪੰਜਾਬੀ ਭਾਸ਼ਾ ਨੂੰ ਅਮੀਰੀ ਪ੍ਰਦਾਨ ਕੀਤੀ। ਸਦੀਆਂ ਤੋਂ ਜੋ ਮਾਣ ਸਤਿਕਾਰ ਪੰਜਾਬੀ ਨੂੰ ਨਾ ਮਿਲ ਸਕਿਆ ਸੀ, ਉਸ ਨੂੰ ਅਮਲੀ ਜਾਮਾ ਗੁਰੂ ਸਾਹਿਬਾਨਾਂ ਨੇ ਪਹਿਨਾਇਆ ਸੀ।
ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਬੋਲੀ ਜਾਣ ਵਾਲੀ ਪੰਜਾਬੀ ਭਾਸ਼ਾ ਦਾ ਖੇਤਰ ਬਹੁਤ ਵਿਸ਼ਾਲ ਹੈ। ਮੌਜੂਦਾ ਪੰਜਾਬ ਵਿਚ ਪੰਜਾਬੀ ਦੀਆਂ ਉਪਭਾਸ਼ਾਵਾਂ ਮਾਝੀ, ਦੁਆਬੀ, ਮਲਵਈ ਅਤੇ ਪੁਆਧੀ ਹਨ । ਮਾਝੀ ਭਾਸ਼ਾ ਨੂੰ ਸਾਹਿਤਕ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਹਿਮਾਚਲ ਪ੍ਰਦੇਸ਼,ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਵਿਚ ਬੋਲੀ ਜਾਂਦੀਆਂ ਡੋਗਰੀ, ਪਹਾੜੀ ਆਦਿ ਪੰਜਾਬੀ ਦੀਆਂ ਹੀ ਉਪ ਭਾਸ਼ਾਵਾਂ ਹਨ । ਇਸ ਤੋਂ ਇਲਾਵਾ ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਨੂੰ ਬੋਲਣ ਵਾਲੇ ਲੋਕ ਰਹਿੰਦੇ ਹਨ ਜਿਹਨਾਂ ਵਿਚੋਂ ਕੈਨੇਡਾ,ਅਮਰੀਕਾ ,ਆਸਟ੍ਰੇਲੀਆ, ਇਟਲੀ,ਇੰਗਲੈਂਡ ਆਦਿ ਦੇਸ਼ਾਂ ਦੇ ਨਾਮ ਵਰਨਣਯੋਗ ਹੈ ।
ਵਰਤਮਾਨ ਸਮੇਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ ਵਿਚ ਗਿਰਾਵਟ ਦੇਖਣ ਨੂੰ ਮਿਲਦੀ ਹੈ ਜਿਸ ਦੇ ਅਨੇਕਾਂ ਕਾਰਨ ਜ਼ਿੰਮੇਵਾਰ ਹਨ।ਅੱਜ ਦੇ ਸਮੇਂ ਵਿੱਚ ਹਰ ਮਨੁੱਖ ਵਿਦੇਸ਼ੀ ਭਾਸ਼ਾਵਾਂ ਵੱਲ ਖਿੱਚਆ ਜਾ ਰਿਹਾ ਹੈ । ਸਾਨੂੰ ਦੂਜੀਆਂ ਭਾਸ਼ਾਵਾਂ ਸਿਖਣੀਆਂ ਚਾਹੀਦੀਆਂ ਹਨ, ਪਰ ਆਪਣੀ ਮਾਤ ਭਾਸ਼ਾ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਜਿਹੜੇ ਲੋਕ ਆਪਣੀ ਮਾਤ-ਭਾਸ਼ਾ ਨੂੰ ਭੁੱਲ ਜਾਂਦੇ ਹਨ ਉਹ ਅਸਲ ਵਿਚ ਆਪਣੇ ਸਮਾਜ ਨੂੰ ਧੋਖਾ ਦੇ ਰਹੇ ਹਨ। ਅੱਜ ਸਾਡੇ ਪੰਜਾਬ ਵਿੱਚ ਵੀ ਇਹ ਸਥਿਤੀ ਘਰ ਕਰਦੀ ਜਾ ਰਹੀ ਹੈ। ਜੇਕਰ ਅਸੀਂ ਰਾਜ ਸਰਕਾਰਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਪੰਜਾਬੀ ਦੇ ਉਥਾਨ ਲਈ ਲੋੜ੍ਹੀਦੇ ਉਪਰਾਲੇ ਨਹੀਂ ਕੀਤੇ। ਸਿੱਖਿਆ ਦੇ ਖੇਤਰ ਵਿੱਚ ਵੀ ਮਾਤ ਭਾਸ਼ਾ ਨੂੰ ਕਾਫ਼ੀ ਢਾਹ ਵੱਜੀ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮੁਢਲੀ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਕਰਨਾ ਬੱਚੇ ਦੇ ਵਿਕਾਸ ਨੂੰ ਰੋਕਣਾ ਅਤੇ ਪੰਜਾਬੀ ਨਾਲ ਇਕ ਵਿਤਕਰਾ ਜਿਹਾ ਦਿਖਾਈ ਦਿੰਦਾ ਹੈ। ਵਿੱਦਿਅਕ ਅਦਾਰਿਆਂ ਵਿੱਚ ਵੀ ਉਚੇਰੀ ਸਿੱਖਿਆ ਅਤੇ ਦੇਣ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਣਾ ਚਾਹੀਦਾ ਹੈ। ਇਸ ਸਮੇਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਾਨੂੰ ਸਾਰਿਆਂ ਖਾਸ ਕਰਕੇ ਸਿੱਖਿਆ ਖੇਤਰ ਨਾਲ ਸੰਬੰਧਿਤ ਭਾਸ਼ਾ ਦੇ ਅਧਿਆਪਕਾਂ,ਲੇਖਕਾਂ,ਪ੍ਰਚਾਰਕ,ਬੁਧੀਜੀਵੀਆਂ,ਮਾਹਿਰਾਂ ਦੁਆਰਾ ਮਾਤ ਭਾਸ਼ਾ ਦੇ ਉਥਾਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਪੂਰੇ ਸੰਸਾਰ ਵਿਚ ਮਨਾਇਆ ਜਾਂਦਾ ਹੈ ਜਿਸ ਵਿੱਚ ਸੰਸਾਰ ਦੀਆਂ ਮਾਤ ਭਾਸ਼ਾਵਾਂ ਤੇ ਚਰਚਾ ਕੀਤੀ ਜਾਂਦੀ ਹੈ। ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਮਾਤ ਭਾਸ਼ਾ ਦਾ ਗਿਆਰਵਾਂ ਸਥਾਨ ਆਉਂਦਾ ਹੈ ਕਿਉਂਕਿ ਦੇਸ਼- ਵਿਦੇਸ਼ ਵਿਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ ਤੇਰਾਂ ਕਰੋੜ ਹੈ। ਯੂਨੈਸਕੋ ਦੀ ਇਕ ਰਿਪੋਰਟ ਅਨੁਸਾਰ ਭਾਰਤ ਵਿਚ ਪਿਛਲੇ 50 ਸਾਲਾਂ ਤੋਂ ਲਗਭਗ 250 ਮਾਤ ਭਾਸ਼ਾਵਾਂ ਖਤਮ ਹੋਣ ਦੇ ਕਗਾਰ ਤੇ ਹਨ। ਮਾਤ ਭਾਸ਼ਾ ਦੇ ਚਿੰਤਕਾਂ ਨੇ ਇਸ ਪ੍ਰਤੀ ਚਿੰਤਾ ਜਤਾਈ ਹੈ ਕਿਉਂਕਿ ਇਸ ਵਿਚ ਪੰਜਾਬੀ ਭਾਸ਼ਾ ਦਾ ਵੀ ਜ਼ਿਕਰ ਆਉਂਦਾ ਹੈ। ਭਾਵੇਂ ਪੰਜਾਬ ਸੂਬਾ 1966 ਵਿੱਚ ਪੰਜਾਬੀ ਭਾਸ਼ਾ ਬੋਲਣ ਕਰਕੇ ਹੀ ਹੋਂਦ ਵਿੱਚ ਆਇਆ ਸੀ ਪਰ ਅਜਿਹਾ ਕਰਨਾ ਸਾਰਥਕ ਸਾਬਿਤ ਨਹੀਂ ਹੋਇਆ। ਭਾਸ਼ਾ ਜਿਹੜੀ ਕਿ ਦੂਸਰਿਆਂ ਨਾਲ ਪਿਆਰ, ਅਪਣੱਤ ਭਾਵ,ਮੇਲ ਜੋਲ ਨੂੰ ਵਧਾਉਂਦੀ ਹੈ,ਪਰ ਵੱਖਰਾ ਸੂਬਾ ਬਣਨ ਨਾਲ ਸਾਡੇ ਸਬੰਧ ਗੁਆਂਢੀ ਸੂਬਿਆਂ ਨਾਲ ਚੰਗੇ ਨਹੀਂ ਬਣ ਸਕੇ।ਇਸ ਨਾਲ ਰਾਸ਼ਟਰੀ ਏਕਤਾ ਵਿੱਚ ਵੀ ਸੇਂਧ ਲੱਗੀ ਹੈ। ਭਾਸ਼ਾ ਨੂੰ ਪ੍ਰਫੁਲਿਤ ਕਰਨ ਲਈ ਸਮਾਜ ਅਤੇ ਸਰਕਾਰਾਂ ਅਹਿਮ ਰੋਲ ਅਦਾ ਕਰ ਸਕਦੀਆਂ ਹਨ । ਸਾਡਾ ਸਮਾਜ ਅਤੇ ਸਰਕਾਰ ਦੋਵੇਂ ਹੀ ਮਾਤ ਭਾਸ਼ਾ ਦੇ ਡਿਗ ਰਹੇ ਪੱਧਰ ਲਈ ਜ਼ਿੰਮੇਵਾਰ ਹਨ। ਸਾਡੇ ਸੂਬੇ ਪੰਜਾਬ ਅੰਦਰ ਬੱਚੇ ਨੂੰ ਸਿੱਖਿਆ ਪੰਜਾਬੀ, ਹਿੰਦੀ ਅਤੇ ਅੰਗਰੇਜੀ ਭਾਸ਼ਾਵਾਂ ਰਾਹੀਂ ਦਿੱਤੀ ਜਾਂਦੀ ਹੈ। ਪਰ ਬਦਲਦੀ ਸੋਚ ਨੇ ਪੰਜਾਬੀ ਨੂੰ ਪਿੱਛੇ ਹੀ ਛੱਡ ਦਿੱਤਾ ਹੈ। ਸੂਬੇ ਅੰਦਰ ਬਹੁਤ ਸਾਰੇ ਸਕੂਲ ਇਸ ਕਰਕੇ ਹੀ ਹੋਂਦ ਵਿਚ ਆਏ ਹਨ ਕਿ ਉਹ ਸਕੂਲ ਸਿੱਖਿਆ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਹੀ ਦਿੰਦੇ ਹਨ। ਸਾਡੀ ਸੋਚ ਤੇ ਵੀ ਇਹ ਚੀਜ਼ ਘਰ ਕਰ ਗਈ ਹੈ ਕਿ ਜੇਕਰ ਸਾਡੇ ਬੱਚੇ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹਨਗੇ ਤਾਂ ਵਧੇਰੇ ਸਿੱਖਿਅਤ ਹੋਣਗੇ। ਭਾਸ਼ਾ ਵਿਗਿਆਨੀ ਇਸ ਨੂੰ ਇਕ ਬਹੁਤ ਵੱਡਾ ਭੁਲੇਖਾ ਮੰਨਦੇ ਹਨ।ਅਜਿਹੀ ਸੋਚ ਕਰਕੇ ਹੀ ਪੰਜਾਬੀ ਦੀ ਹਰਮਨ-ਪਿਆਰਤਾ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ। ਮਨੁੱਖੀ ਕਾਰ-ਵਿਹਾਰ ਕਰਨ ਲਈ ਦੂਜੀਆਂ ਭਾਸ਼ਾਵਾਂ ਦਾ ਆਉਣਾ ਬਹੁਤ ਜ਼ਰੂਰੀ ਅਤੇ ਚੰਗੀ ਗੱਲ ਹੈ, ਪਰ ਮਾਤ-ਭਾਸ਼ਾ ਰਾਹੀਂ ਗਿਆਨ ਹਾਸਲ ਕਰਨਾ ਆਸਾਨ ਅਤੇ ਚੰਗਾ ਹੁੰਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਰੁਜ਼ਗਾਰ ਨੂੰ ਮੁੱਖ ਰੱਖਦੇ ਹੋਏ IELTS ਵਰਗੇ ਕੋਰਸ ਕਰਕੇ ਵਿਦੇਸਾਂ ਨੂੰ ਭੱਜੇ ਜਾ ਰਹੇ ਹਨ। ਜੇਕਰ ਅਜਿਹਾ ਹੀ ਆਉਣ ਵਾਲੇ ਕੁਝ ਸਾਲਾਂ ਤੱਕ ਰਿਹਾ ਤਾਂ ਪੰਜਾਬ ਨਿਸਚਿਤ ਹੀ ਇਕ ਦਿਨ ਖਾਲੀ ਹੋ ਜਾਵੇਗਾ। ਇਸ ਲਈ ਰਾਜ ਸਰਕਾਰ ਨੂੰ ਆਪਣੇ ਸੂਬੇ ਅੰਦਰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਅਸੀਂ ਵਿਦੇਸ਼ ਜਾਣ ਵਾਲਿਆਂ ਦੀ ਬਹੁ ਗਿਣਤੀ ਨੂੰ ਘੱਟ ਕਰ ਸਕਦੇ ਹਾਂ।
ਵਰਤਮਾਨ ਸਮੇਂ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਦੁਆਰਾ ਤਕਨੀਕੀ ਕੋਰਸਾਂ ਨੂੰ ਮਾਤ ਭਾਸ਼ਾ ਵਿੱਚ ਪੜਾਉਣ ਦੇ ਦਿਸ਼ਾ ਨਿਰਦੇਸ਼ ਦੇਣਾ ਇਕ ਚੰਗੀ ਗਲ ਹੈ ਕਿੰਤੂ ਇਸ ਦੇ ਨਾਲ ਹੀ ਸਰਕਾਰੀ ਅਤੇ ਗੈਰ- ਸਰਕਾਰੀ ਖੇਤਰਾਂ ਦੀਆਂ ਨਿਯੁਕਤੀਆਂ ਲਈ ਇਸ਼ਤਿਹਾਰ,ਪ੍ਰਸ਼ਨ -ਪੱਤਰ ,ਪ੍ਰਤਿਯੋਗੀ ਪ੍ਰੀਖਿਆਵਾਂ, ਇੰਟਰਵਿਊ ਆਦਿ ਲਈ ਵੀ ਮਾਤ ਭਾਸ਼ਾ ਨੂੰ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
(ਲੇਖਕ ਇਕ ਸਿੱਖਿਆ ਸ਼ਾਸਤਰੀ ਹੈ ਅਤੇ ਵਿਦਿਆ ਭਾਰਤੀ ਉੱਤਰੀ ਜ਼ੋਨ ਦੀ ਜਨਰਲ ਸਕੱਤਰ ਹੈ।)
और पढ़े : अंतरराष्ट्रीय मातृभाषा दिवस
Facebook Comments